TheUnmute.com

10 ਜੁਲਾਈ 1927: ਰਾਏ ਬਹਾਦਰ ਸਰ ਗੰਗਾ ਰਾਮ ਦੀ ਬਰਸ਼ੀ ‘ਤੇ ਵਿਸ਼ੇਸ਼

ਲਿਖਾਰੀ
ਸਿਮਰਨਜੀਤ ਕੌਰ

ਰਾਏ ਬਹਾਦਰ ਸਰ ਗੰਗਾ ਰਾਮ ਇੰਜੀਨੀਅਰ ਉਹ ਸ਼ਖਸੀਅਤ ਹਨ ਜਿਸ ਬਾਰੇ ਕਿਹਾ ਜਾਂਦਾ ਕਿ “ਗੰਗਾ ਰਾਮ ਹੀਰੋ ਵਾਂਗ ਜਿੱਤਦਾ ਤੇ ਦਰਵੇਸ਼ ਵਾਂਗ ਦਾਨ ਕਰ ਦਿੰਦੈ।” ਅੱਜ ਦੇ ਦਿਨ ੧੦ ਜੁਲਾਈ ੧੯੨੭ ਨੂੰ ਇਸ ਫ਼ਾਨੀ ਜਹਾਨ ਤੋ ਵਿਦਾ ਹੋਣ ਵਾਲੇ ਇਸ ਸ਼ਖਸ ਦਾ ਜੀਵਨ ਬਹੁਤ ਕਮਾਲ ਅਤੇ ਨੇਕੀ ਵਾਲਾ ਰਿਹਾ।

ਸਰ ਗੰਗਾ ਰਾਮ ਦਾ ਜਨਮ ਸ਼ੇਖ਼ੂਪੁਰਾ ਦੇ ਪਿੰਡ ਮਾਂਗਟਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦੌਲਤ ਰਾਏ ਇਕ ਥਾਣੇ ਵਿੱਚ ਸਬ ਇੰਸਪੈਕਟਰ ਸਨ। ਬਾਅਦ ਚ ਉਹ ਅੰਮਿ੍ਰਤਸਰ ਅਦਾਲਤ ਚ ਰੀਡਰ ਲੱਗ ਗਏ ਜਿਸ ਕਾਰਨ ਸਰ ਗੰਗਾ ਰਾਮ ਦੀ ਮੁੱਢਲੀ ਪੜ੍ਹਾਈ ਅੰਮਿ੍ਰਤਸਰ ਵਿੱਚ ਹੋਈ। ਅੰਮਿ੍ਰਤਸਰ ਦੇ ਗੋ. ਹਾਈ ਸਕੂਲ ਚੋ ਮੈਟਿ੍ਰਕ ਕਰਕੇ ਉਹ ੧੮੬੮ ਵਿੱਚ ਗੋ. ਕਾਲਜ ਲਾਹੌਰ ਦਾਖਲ ਹੋ ਗਏ।

 

 

ਇੱਥੋਂ ਵਜ਼ੀਫ਼ਾ ਪ੍ਰਾਪਤ ਕਰਕੇ ਉਹ ਗੌ. ਥਾਮਸ ਕਾਲਜ ਰੁੜਕੀ ਦਾਖਲ ਹੋਏ। ਜਿੱਥੇ ੧੮੭੩ ਵਿਚ ਗੋਲਡ ਮੈਡਲਿਸਟ ਹੋਏ। ੧੮੮੫ ਵਿੱਚ ਉਹ ਇੰਗਲੈਂਡ ਤੋ ਵਿੱਦਿਆ ਪ੍ਰਾਪਤ ਕਰਕੇ ਆਏ ਤੇ ਉਹ ਇਕ ਮਾਹਰ ਇੰਜੀਨੀਅਰ ਬਣ ਗਏ। ੧੮੮੫ ਤੋ ੧੮੯੭ ਤੱਕ ਦਾ ਸਮਾਂ ਉਹਨਾਂ ਲਾਹੌਰ ਸਿਵਲ ਇੰਜੀਨੀਅਰ ਵਜੋ ਕਾਰਜ ਕੀਤਾ। ਇਹ ਸਮਾਂ ਇਮਾਰਤੀ ਹੁਨਰ ਦਾ ਸਰ ਗੰਗਾ ਰਾਮ ਕਾਲ ਕਰ ਕੇ ਜਾਣਿਆ ਜਾਂਦੈ।

ਉਸਨੇ ਹਾਈਕੋਰਟ, ਵੱਡੇ ਗਿਰਜਾਘਰ, ਐਚੀਸਨ ਕਾਲਜ, ਦਿੱਲੀ ਸੈਕਟਰੀਏਟ ਇਮਾਰਤ, ਪਟਿਆਲ਼ੇ ਦਾ ਮੋਤੀ ਬਾਗ ਆਦਿ ਇਮਾਰਤਾਂ ਤੋ ਇਲਾਵਾ ਲਾਹੌਰ ਮਾਡਲ ਟਾਊਨ , ਜੀ ਪੀ ਓ ਕਾਰਖਾਨਾ, ਅੰਮਿ੍ਰਤਸਰ ਪਠਾਨਕੋਟ ਰੇਲਵੇ, ਵਿਕਟੋਰੀਆ ਗਰਲਜ ਕਾਲਜ ਆਦਿ ਬਣਾਏ ਗਏ। ਉਹਨਾਂ ਦੁਆਰਾ ਬਣਾਏ ਗਏ ਵਿੱਦਿਅਕ ਅਦਾਰੇ, ਹਸਪਤਾਲ ਅਤੇ ਇਮਾਰਤਾਂ ਦੀ ਲਿਸਟ ਬਹੁਤ ਲੰਬੀ ਹੈ। ਲਾਇਲਪੁਰ ਵਿਖੇ ਘੋੜਾ ਗੱਡੀ ਲਾਈਨ ਵੀ ਉਹਨਾਂ ਰਾਹੀ ਬਣਾਈ ਗਈ ਜੋ ਬੁਚਿਆਣਾ ਸਟੇਸ਼ਨ ਤੋ ਉਸਦੇ ਪਿੰਡ ਤੱਕ ਜਾਂਦੀ ਸੀ। ਇਸ ਤੇ ਚੱਲਣ ਵਾਲੀ ਗੱਡੀ ਨੂੰ ਘੋੜੇ ਰਾਹੀ ਖਿੱਚਿਆ ਜਾਂਦਾ ਸੀ।

ਉਹਨਾਂ ਦੇ ਕੰਮ ਦੇ ਹੁਨਰ ਸਦਕਾ ਵਾਇਸਰਾਏ ਲਾਰਡ ਕਰਜਨ ਨੇ ਸ਼ਾਹ ਐਡਵਰਡ ਸਤਵੇਂ ਦੇ ਰਾਜ ਤਿਲਕ ਦੇ ਸੰਬੰਧ ਵਿੱਚ ਹੋਣ ਵਾਲੇ ਸ਼ਾਹੀ ਦਰਬਾਰ ਦੀ ਉਸਾਰੀ ਲਈ ਸਰ ਗੰਗਾ ਰਾਮ ਨੂ ਹੀ ਚੁਣਿਆ। ਸਰ ਗੰਗਾ ਰਾਮ ਨੇ ਲਾਇਲਪੁਰ, ਮਿੰਟਗੁਮਰੀ, ਸਾਹੀਵਾਲ ਇਲਾਕੇ ਚ ਹਜ਼ਾਰਾਂ ਏਕੜ ਜ਼ਮੀਨ ਲੈਕੇ ਅਬਾਦ ਕੀਤੀ ਤੇ ਉਸ ਲਈ ਪਾਣੀ ਲਈ ਵੀ ਆਧੁਨਿਕ ਪ੍ਰਬੰਧ ਕੀਤੇ ਗਏ। ਜ਼ਮੀਨ ਤੋ ਹੋਣ ਵਾਲੀ ਆਮਦਨ ਨੂ ਵੀ ਸਮਾਜ ਲਈ ਹੀ ਵਰਤੋ ਵਿੱਚ ਲਿਆਂਦਾ ਜਾਂਦਾ ।

੧੯੨੨ ਈ. ਵਿੱਚ ਜਦੋਂ ਅਕਾਲੀਆਂ ਵੱਲੋਂ ਮਹੰਤ ਸੁੰਦਰ ਦਾਸ ਅਤੇ ਅੰਗਰੇਜ਼ ਸਰਕਾਰ ਦੀਆਂ ਵਿਰੋਧੀ ਕਾਰਗੁਜ਼ਾਰੀਆਂ ਕਾਰਨ ਮੋਰਚਾ ਗੁਰੂ ਕਾ ਬਾਗ ਵਿਖੇ ਲਾਇਆ ਗਿਆ ਤਾ ਇਸ ਮੋਰਚੇ ਚੋ ਅੰਗਰੇਜ਼ ਸਰਕਾਰ ਦੀ ਖ਼ਲਾਸੀ ਸਰ ਗੰਗਾ ਰਾਮ ਕਰਕੇ ਹੀ ਹੋਈ ਜਦੋਂ ਉਸਨੇ ੧੭ ਨਵੰਬਰ ੧੯੨੨ ਈ. ਨੂੰ ਦੁਸ਼ਟ ਮਹੰਤ ਸੁੰਦਰ ਦਾਸ ਤੋ ਜ਼ਮੀਨ ਪਟੇ ਤੇ ਲੈ ਕੇ ਲਿਖਤ ਦਿੱਤੀ ਕਿ ਉਸਨੂੰ ਪੁਲਿਸ ਦੀ ਕੋਈ ਲੋੜ ਨਹੀਂ।

ਇਸ ਤਰ੍ਹਾਂ ਸਿੰਘਾ ਤੇ ਤਸ਼ਦੱਦ ਕਰਨ ਵਾਲੀ ਪੁਲਸ ਉੱਥੋਂ ਚਲੀ ਗਈ। ੧੮ ਨਵੰਬਰ ੧੯੨੨ ਈ. ਨੂੰ ਸਰ ਗੰਗਾ ਰਾਮ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਜੇ ਦੀਵਾਨ ਦੌਰਾਨ ਉਸ ਜ਼ਮੀਨ ਦਾ ਪਟਾ ਗੁਰਦੁਆਰਾ ਸਾਹਿਬ ਲਈ ਅਰਦਾਸ ਕਰਾ ਦਿੱਤਾ । ਉਸਨੇ ਜ਼ਿੰਦਗੀ ਭਰ ਮਜ਼੍ਹਬ ਅਤੇ ਸਿਆਸਤ ਤੋ ਉੱਪਰ ਉੱਠਕੇ ਸਮਾਜ ਭਲਾਈ ਲਈ ਕਾਰਜ ਕੀਤੇ।

ਰਾਏ ਬਹਾਦਰ ਸਰ ਗੰਗਾ ਰਾਮ ਲੰਦਨ ਰਹਿੰਦੇ ਹੋਏ ੧੦ ਜੁਲਾਈ ੧੯੨੭ ਈ. ਨੂ ਇਸ ਜਹਾਨ ਤੋ ਰੁਖ਼ਸਤ ਹੋ ਗਏ ਤੇ ਉਹਨਾਂ ਦੀ ਵਸੀਅਤ ਅਨੁਸਾਰ ਉਹਨਾਂ ਦੀ ਰਾਖ ਰਾਵੀ ਕਿਨਾਰੇ ਲਾਹੌਰ ਵਿੱਚ ਦਫ਼ਨ ਕੀਤੀ ਗਈ। ਉਹਨਾਂ ਦੀਆਂ ਕੁਝ ਅਸਥੀਆਂ ਗੰਗਾ ਵਿੱਚ ਪ੍ਰਵਾਹ ਕੀਤੀਆ ਗਈਆਂ ਤੇ ਬਾਕੀ ਉਸਦੀ ਯਾਦਗਾਰ ਜੋ ਲਾਹੌਰ ਦੇ ਟਕਸਾਲੀ ਗੇਟ ਨਜਦੀਕ ਹੈ ਵਿੱਚ ਰੱਖੀਆਂ ਗਈਆ। ਲਾਹੌਰ ਦੇ ਮਾਲ ਰੋਡ ਤੇ ਪਬਲਿਕ ਸੁਕੇਅਰ ਵਿਖੇ ਉਹਨਾਂ ਦਾ ਬੁੱਤ ਲਾਇਆ ਗਿਆ ਜਿਸਨੂ ੪੭ ਵੇਲੇ ਨੁਕਸਾਨ ਵੀ ਪਹੁੰਚਾਇਆ ਗਿਆ ਇਸ ਸੰਬੰਧੀ ਮੰਟੋ ਨੇ ਕਹਾਣੀ ਵੀ ਲਿਖੀ।
ਇਸ ਸੰਬੰਧੀ ਖੋਜ ਸ਼ੁਰੂ ਕੀਤੀ ਹੈ ਤੁਹਾਡੇ ਸੁਝਾਅ ਸਿਰ ਮੱਥੇ

Exit mobile version