ਚੰਡੀਗੜ੍ਹ 19 ਦਸੰਬਰ 2022: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦਾ ਜ਼ਿਕਰ ਕਰਦਿਆਂ ਅੱਜ ਯਾਨੀ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ ਕੋਰੋਨਾ ਕਾਲ ਸਮੇਂ ‘ਵੰਦੇ ਭਾਰਤ ਮਿਸ਼ਨ’ (Vande Bharat Mission) ਤਹਿਤ 1.83 ਕਰੋੜ ਨਾਗਰਿਕਾਂ ਨੂੰ ਬਚਾਇਆ ਹੈ। ਅਨੁਰਾਗ ਠਾਕੁਰ ਨੇ ਦੱਸਿਆ ਕਿ ਸਾਲ 2021-22 ‘ਚ ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ, ਬਚਾਅ ਕਾਰਜਾਂ ਦੀ ਸਭ ਤੋਂ ਵੱਡੀ ਸਫਲਤਾ ਹੈ, ਜਿਸ ‘ਚ ਕੋਰੋਨਾ ਸੰਕਟ ਦੌਰਾਨ 1.83 ਕਰੋੜ ਨਾਗਰਿਕਾਂ ਨੂੰ ਘਰ ਵਾਪਸ ਲਿਆਂਦਾ ਗਿਆ ਸੀ।
ਪਿਛਲੇ ਸਾਲਾਂ ਦੌਰਾਨ ਸਰਕਾਰ ਵੱਲੋਂ ਚਲਾਏ ਜਾ ਰਹੇ ਬਚਾਅ ਕਾਰਜਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸੰਕਟ ਵਿੱਚ ਫਸੇ ਭਾਰਤੀਆਂ ਦੀ ਜਾਨ ਬਚਾਉਣਾ ਸਰਕਾਰ ਲਈ ਸਭ ਤੋਂ ਵੱਡੀ ਚਿੰਤਾ ਹੈ ਅਤੇ ਭਾਰਤ ਦੁਨੀਆ ਭਰ ਵਿੱਚ ਬਚਾਅ ਕਾਰਜਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਫਰਵਰੀ-ਮਾਰਚ 2022 ਵਿੱਚ ਆਪਰੇਸ਼ਨ ਗੰਗਾ ਤਹਿਤ 22,500 ਨਾਗਰਿਕਾਂ ਨੂੰ ਬਚਾਇਆ ਗਿਆ ਸੀ। ਇਸ ਦੇ ਨਾਲ ਹੀ ਆਪਰੇਸ਼ਨ ਦੇਵੀ ਸ਼ਕਤੀ ਵਿੱਚ ਅਫਗਾਨਿਸਤਾਨ ਤੋਂ 670 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਸੀ। ਇਸ ਤੋਂ ਇਲਾਵਾ ਭਾਰਤ ਨੇ ਚੀਨ ਦੇ ਵੁਹਾਨ ਤੋਂ 654 ਨਾਗਰਿਕਾਂ ਨੂੰ ਬਚਾਇਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਭਾਰਤ ਸਰਕਾਰ ਨੇ ਵੀ ਸੰਕਟ ਵਿੱਚ ਘਿਰੇ ਵਿਦੇਸ਼ੀ ਨਾਗਰਿਕਾਂ ਦੀ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ 2 ਨੇਪਾਲੀ ਨਾਗਰਿਕਾਂ ਸਮੇਤ 155 ਜਣਿਆਂ ਨੂੰ ਆਪ੍ਰੇਸ਼ਨ ਸੰਕਟ ਮੋਚਨ ਤਹਿਤ ਦੱਖਣੀ ਸੂਡਾਨ ਤੋਂ ਵਾਪਸ ਲਿਆਂਦਾ ਗਿਆ ਸੀ। ਆਪਰੇਸ਼ਨ ਮੈਤਰੀ ਦੌਰਾਨ ਨੇਪਾਲ ਤੋਂ 5000 ਭਾਰਤੀਆਂ ਨੂੰ ਬਚਾਇਆ ਗਿਆ ਸੀ, ਜਦਕਿ 170 ਵਿਦੇਸ਼ੀ ਨਾਗਰਿਕਾਂ ਨੂੰ ਵੀ ਨੇਪਾਲ ਤੋਂ ਬਚਾਇਆ ਗਿਆ ਸੀ। ਇਸ ਦੇ ਨਾਲ ਹੀ ਆਪਰੇਸ਼ਨ ਰਾਹਤ ‘ਚ ਯਮਨ ਤੋਂ 1,962 ਵਿਦੇਸ਼ੀਆਂ ਸਮੇਤ 6,710 ਲੋਕਾਂ ਨੂੰ ਬਚਾਇਆ ਗਿਆ।
ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਨੂੰ ਇਕ ਅਜਿਹੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ ਜੋ ਸੰਕਟ ਦੇ ਸਮੇਂ ਵਿਚ ਦੂਜੇ ਦੇਸ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਅੱਤਵਾਦ ਦੇ ਖਿਲਾਫ ਸਖਤ ਕਾਰਵਾਈ ਕਰਦਾ ਹੈ, ਜਦਕਿ ਇਕ ਗੁਆਂਢੀ ਦੇਸ਼ ਨੂੰ ਸਿਰਫ ਅੱਤਵਾਦ ਨੂੰ ਪਨਾਹ ਦੇਣ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ।