Site icon TheUnmute.com

01 ਅਗਸਤ: ਪੰਜਾਬੀਆਂ ਦੀ ‘ਮਾਈ ਸਾਹਿਬ ਮਹਾਰਾਣੀ ਜਿੰਦ ਕੌਰ

Maharani Jind Kaur

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਮੰਨਾ ਸਿੰਘ ਔਲਖ ਦੀ ਧੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਣੀ ਜਿੰਦ ਕੌਰ, ਜਿਸਨੂੰ ਇੱਜ਼ਤ ਨਾਲ ਪੰਜਾਬੀ ‘ ਮਾਈ ਸਾਹਿਬ’ ਕਹਿ ਕੇ ਪੁਕਾਰਦੇ ਸਨ। 1861 ਈਸਵੀ ਵਿੱਚ 14 ਸਾਲ ਬਾਅਦ ਮਾਂ-ਪੁੱਤ ਦਾ ਮਿਲਾਪ ਕਲਕੱਤੇ ਦੇ ਸਪੈਨਸਿਜ਼ ਹੋਟਲ ਵਿੱਚ ਹੋਇਆ ਸੀ। ਪੁੱਤ ਦੀ ਸਿੱਖੀ ਗਵਾਚੀ ਦਾ ਮਾਈ ਸਾਹਿਬ ਨੂੰ ਬਹੁਤ ਦੁੱਖ ਹੋਇਆ, ਦਲੀਪ ਸਿੰਘ ਨੇ ਦੁਬਾਰਾ ਸਿੱਖੀ ਵੱਲ ਮੋੜਾ ਪਾਉਣ ਦਾ ਮਾਂ ਨਾਲ ਵਾਅਦਾ ਕੀਤਾ, ਪੰਜਾਬ ਜਾਣ ਦੀ ਇਜ਼ਾਜ਼ਤ ਨਹੀ ਸੀ, ਪੁੱਤ ਮਾਂ ਨੂੰ ਲੈ ਕੇ ਵਲੈਤ ਆ ਗਿਆ।

ਮਹਾਰਾਣੀ ਨੂੰ ਵੱਖਰੇ ਘਰ ਵਿਚ ਰੱਖਿਆ ਗਿਆ । ਮਿ. ਲਾਗਨ ਮਹਾਰਾਣੀ ਦੇ ਦਲੀਪ ਸਿੰਘ ‘ਤੇ ਪੈ ਰਹੇ ਪ੍ਰਭਾਵ ਤੋਂ ਬਹੁਤ ਚਿੰਤਤ ਸੀ, ਦਲੀਪ ਸਿੰਘ ਹੁਣ ਚਰਚ ਨਹੀ ਜਾ ਰਿਹਾ ਸੀ ਤੇ ਨਾਲ ਹੀ ਆਪਣੀ ਜ਼ਮੀਨ ਜਾਇਦਾਦ ਬਾਰੇ ਪੁੱਛ ਪੜਤਾਲ ਵੀ ਕਰ ਰਿਹਾ ਸੀ।ਲਾਗਨ ਨੇ ਸਰ ਚਾਰਲਸ ਨੂੰ ਲਿਖਿਆ ਕਿ ਦਲੀਪ ਸਿੰਘ ਨੂੰ ਮਹਾਰਾਣੀ ਦੇ ਅਸਰ ਤੋਂ ਬਚਾ ਲਵੋ।

ਮਹਾਰਾਣੀ ਦੀ ਅਰੋਗਤਾ ਤਾਂ ਸ਼ੇਖੂਪੁਰੇ ਤੋਂ ਹੀ ਖੁਸਣੀ ਸ਼ੁਰੂ ਹੋ ਗਈ ਸੀ, ਪਰ ਨੇਪਾਲ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਦੀ ਅਵਸਥਾ ਹੋ ਗਈ। ਨੇਤ੍ਰਾਂ ਦੀ ਜੋਤ ਵੀ ਖਤਮ ਵਾਂਗ ਸੀ, ਵਲੈਤ ਵਿਚ ਦਲੀਪ ਸਿੰਘ ਨੇ ਮਾਂ ਦਾ ਬਹੁਤ ਇਲਾਜ਼ ਕਰਾਇਆ ਪਰ ਗੱਲ ਨਾ ਬਣੀ ਤੇ ਅਖ਼ੀਰ ਮਹਾਰਾਣੀ ਜਿੰਦ ਕੌਰ 1 ਅਗਸਤ 1863 ਈਸਵੀ ਨੂੰ ਸਵਾਸ ਕੈਨਸਿੰਘਟਨ ਵਿਚ ਐਬਿੰਗਡਨ ਹਾਊਸ ਅੰਦਰ ਪੂਰੀ ਹੋ ਗਈ ।

ਉਸਦੀ ਆਖਰੀ ਇੱਛਾ ਸੀ ਕਿ ਉਸਦੀ ਮਿੱਟੀ ਪੰਜਾਬ ਵਿਚ ਸ਼ੇਰ-ਏ-ਪੰਜਾਬ ਦੀ ਸਮਾਧ ਕੋਲ ਸਮੇਟੀ ਜਾਵੇ ਪਰ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਮਹਾਰਾਣੀ ਦੀ ਲਾਸ਼ ਪੰਜਾਬ ਲਿਜਾਣ ਤੋਂ ਜਵਾਬ ਦੇ ਦਿੱਤਾ । ਮਹਾਰਾਣੀ ਦੀ ਅਰਥੀ ਇਕ ਕਬਰਸਤਾਨ ਵਿਚ ਰੱਖੀ ਗਈ। ਕੋਈ ਛੇ ਮਹੀਨੇ ਪਿਛੋਂ ਦਲੀਪ ਸਿੰਘ ਨੂੰ ਮਾਂ ਦਾ ਸਸਕਾਰ ਬੰਬੇ ਕਰਨ ਦੀ ਇਜ਼ਾਜ਼ਤ ਮਿਲ ਗਈ। ਆਪਣੇ ਦੋ ਸੇਵਕਾਂ ਕਿਸ਼ਨ ਸਿੰਘ ਤੇ ਅੱਛਰ ਸਿੰਘ ਦੀ ਸਹਾਇਤਾ ਨਾਲ ਮਹਾਰਾਣੀ ਦਾ ਸਸਕਾਰ ਨਾਸਕ ਸ਼ਹਿਰ ਦੇ ਨੇੜੇ ਗੋਦਾਵਰੀ ਦੇ ਕੰਡੇ ਕੀਤਾ ਗਿਆ । ਇਥੇ ਉਸਦੀ ਸਮਾਧ ਬਣਾਈ ਤੇ ਇਕ ਪਿੰਡ ਵੀ ਉਸਦੇ ਨਾਮ ਲਾਇਆ ਗਿਆ । ਬਾਅਦ ਵਿਚ ਇਕ ਗੁਰਦੁਆਰਾ ਵੀ ਤਾਮੀਰ ਕੀਤਾ ਗਿਆ । ਬਾਅਦ ਵਿਚ ਮਹਾਰਾਣੀ ਜਿੰਦਾਂ ਦੀ ਪੋਤਰੀ ਬੀਬੀ ਬੰਬਾ ਸਦਰਲੈਂਡ ਨੇ ਉਸਦੀ ਰਾਖ ਨਾਸਿਕ ਤੋਂ ਲਿਆ ਕੇ ਲਾਹੌਰ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਥਾਪਿਤ ਕਰ ਆਪਣੀ ਦਾਦੀ ਦੀ ਆਖਰੀ ਇੱਛਾ ਪੂਰੀ ਕੀਤੀ ।

ਕੁਝ ਵਿਚਾਰ :-

ਲੇਡੀ ਲਾਗਨ :- ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਜਨਾਨੀ ਸੀ । ਜਿਸਦਾ ਖਾਲਸਾ ਪੰਚਾਇਤਾਂ ਅੰਦਰ ਬੜਾ ਸਤਿਕਾਰ ਤੇ ਅਸਰ ਸੀ। ਉਹ ਰਾਜਨੀਤੀ ਨੂੰ ਸਮਝਣ ਵਾਲੀ ਤੇ ਵੱਡੇ ਹੌਂਸਲੇ ਵਾਲੀ ਜਨਾਨੀ ਸੀ।

ਲੇਡੀ ਲਾਗਨ:- ਮਹਾਰਾਣੀ ਜਿਸਨੇ ਕੁਝ ਚਿਰ ਵਿਚ ਹੀ ਮਹਾਰਾਜੇ (ਦਲੀਪ ਸਿੰਘ) ਦੀ ਅੰਗਰੇਜ਼ੀ ਪਾਲਣ ਪੋਸ਼ਣ ਅਤੇ ਇਸਾਈ ਮਾਹੌਲ ਤੇ ਹੂੰਝਾ ਫੇਰ ਦਿੱਤਾ ।

ਲਾਰਡ ਐਲਨਬਰੋ:- ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੂ ਰੱਖਣ ਵਾਲੀ ਜਨਾਨੀ ਹੈ। ਲਾਹੌਰ ਦਰਬਾਰ ਤੇ ਨਜ਼ਰ ਮਾਰਿਆਂ ਕੇਵਲ ਉਹੀ ਬਹਾਦਰ ਜਨਾਨੀ ਦੇਖੀ ਦੀ ਹੈ।

ਲਾਰਡ ਡਲਹੌਜ਼ੀ:- ਮਹਾਰਾਣੀ ਜਿੰਦ ਕੌਰ ਇਕੋ ਇਕ ਐਸੀ ਜਨਾਨੀ ਹੈ ਜਿਸ ਵਿਚ ਤਿਖੀ ਸੂਝ ਹੈ। ਉਸਨੂੰ ਪੰਜਾਬ ਆਉਣ ਦੇਣਾ ਅੰਗਰੇਜ਼ਾਂ ਲਈ ਖ਼ਤਰਨਾਕ ਹੋਵੇਗਾ। ਸੋ ਉਹ ਪੰਜਾਬੋਂ ਦੂਰ ਹੀ ਰੱਖੀ ਜਾਵੇ ।

ਅੰਗਰੇਜ਼ਾਂ ਨੇ ਮਹਾਰਾਣੀ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ, ਕਰਤਾ ਕੋਹਿ ਨੂਰ ਲਿਖਦਾ ਹੈ,” ਮਹਾਰਾਣੀ ਵਿਰੁਧ ਕਿਸੇ ਸਬੂਤ ਦੀ ਥਾਂ ਝੂਠ ਤੇ ਗਾਲਾਂ ਦੇ ਗੱਡੇ ਲਿਆ ਖੜ੍ਹੇ ਕੀਤੇ । ਪਰ ਹਕੀਕਤ ਇਹੋ ਹੈ ਪੰਜਾਬੀਆਂ ਦੀ ਮਾਈ ਸਾਹਿਬ ਬੇਦਾਗ , ਪੰਜਾਬ ਪ੍ਰਸਤ ਤੇ ਸਿੱਖੀ ਸਰੋਕਾਰਾਂ ਨੂੰ ਪ੍ਰਣੋਈ ਸਖ਼ਸ਼ੀਅਤ ਸੀ

Exit mobile version