June 30, 2024 3:53 am
ਸਰਕਾਰੀ ਸਕੂਲ

ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ‘ਚੋਂ ਪਾਣੀ ਦੇ ਸੈਂਪਲ ਭਰੇ ਗਏ ਸਰਕਾਰੀ ਸਕੂਲਾਂ ‘ਚ ਅਜੇ ਵੀ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ

ਚੰਡੀਗੜ੍ਹ, 25 ਜੂਨ 2022 :  ਪੰਜਾਬ ਦੀ ਸਿੱਖਿਆ ਨੂੰ ਲੈ ਕੇ ਖਾਸ ਕਰ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਅਤੇ ਹੋਰ ਸਹੂਲਤਾਂ ਨੂੰ ਲੈ ਕੇ ਬੀਤੇ ਕਾਫੀ ਸਮੇਂ ਤੋਂ ਸਰਕਾਰਾਂ ਵਿੱਚ ਚਰਚਾ ਚਲਦੀ ਰਹੀ ਹੈ । ਬੇਸ਼ੱਕ ਬੀਤੀ ਕਾਂਗਰਸ ਸਰਕਾਰ ਹੋਵੇ ਜਾਂ ਹੁਣ ਤਿੰਨ ਮਹੀਨੇ ਪਹਿਲਾਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਨੇ ਸਿਹਤ ਅਤੇ ਸਿੱਖਿਆ ਦੇ ਵਧੀਆ ਪ੍ਰਬੰਧਾਂ ਦੇ ਦਾਅਵੇ ਕੀਤੇ ਹਨ। ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਨੂੰ ਜਿੱਥੇ ਸਮਾਰਟ ਸਕੂਲਾਂ ਵਜੋਂ ਸਾਹਮਣੇ ਲਿਆਂਦਾ ਗਿਆ ਹੈ, ਉਥੇ ਇਹ ਵੀ ਇੱਕ ਕੌੜੀ ਸੱਚਾਈ ਹੈ ਕਿ ਕੁਝ ਸਕੂਲਾਂ ਦੇ ਗੇਟਾਂ ਦੇ ਵਿੱਚ ਸਿਰਫ਼ ਸਮਾਰਟ ਸਕੂਲਾਂ ਦੇ  ਬੋਰਡ ਹੀ ਲੱਗੇ ਹਨ ਜਦੋਂਕਿ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ।  ਹੁਣ ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਭਰੇ ਗਏ ਸੈਂਪਲਾਂ ਨੇ ਇੱਕ ਹੋਰ ਸੱਚ ਸਾਹਮਣੇ ਆਇਆ ਹੈ।

 

ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਵੱਲੋਂ ਮਈ ਮਹੀਨੇ ਦੇ ਵਿੱਚ ਕਰੀਬ ਅਜਿਹੇ ਸਰਕਾਰੀ ਸਕੂਲਾਂ ਦੇ 20 ਜਗ੍ਹਾ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ,  ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ, ਸਰਕਾਰੀ ਮਿਡਲ ਅਤੇ ਸਰਕਾਰੀ ਪ੍ਰਾਇਮਰੀ ਤੋਂ ਇਲਾਵਾ ਕੁਝ ਨਿੱਜੀ ਸਕੂਲ ਵੀ ਸ਼ਾਮਲ ਸਨ।  ਕਰੀਬ ਅਜਿਹੇ ਸਕੂਲਾਂ ਦੇ 20 ਸੈਂਪਲ ਸਿਹਤ ਵਿਭਾਗ ਵੱਲੋਂ ਲਏ ਗਏ, ਜਿਨ੍ਹਾਂ ਦੀ ਰਿਪੋਰਟ ਦੇ ਵਿੱਚ 13 ਸੈਂਪਲ ਫੇਲ੍ਹ ਪਾਏ ਗਏ ਹਨ ਅਰਥਾਤ 13 ਸਰਕਾਰੀ ਸਕੂਲਾਂ ਦੇ ਵੱਖ ਵੱਖ ਥਾਵਾਂ ਦੇ ਉੱਤੇ ਪਾਣੀ ਪੀਣ ਦੇ ਅਯੋਗ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ 20 ਦੇ ਵਿੱਚੋਂ ਸੱਤ ਸੈਂਪਲ ਪੀਣ ਯੋਗ ਪਾਣੀ ਦੇ ਪਾਏ ਗਏ ਹਨ ਜਦੋਂਕਿ 13 ਜਗ੍ਹਾ ਤੇ ਪਾਣੀ ਪੀਣ ਦੇ ਅਯੋਗ ਹੈ, ਉਧਰ ਇਸ ਮਾਮਲੇ ‘ਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਪੱਤਰ ਉਨ੍ਹਾਂ ਨੂੰ ਮਿਲ ਗਿਆ ਹੈ ਅਤੇ ਜਿਨ੍ਹਾਂ ਸਕੂਲਾਂ ਦੇ ਵਿੱਚ ਪਾਣੀ ਪੀਣ ਅਯੋਗ ਦੇ ਸੈਂਪਲ ਆਏ ਹਨ, ਉਨ੍ਹਾਂ ਸਕੂਲਾਂ ਨੂੰ ਲਿਖਤੀ ਤੌਰ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਦ ਹੁਣ ਇੱਕ ਜੁਲਾਈ ਤੋਂ ਸਕੂਲ ਲੱਗਣੇ ਹਨ ਤਾਂ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ, ਜਿਨ੍ਹਾਂ ਸਕੂਲਾਂ ਦੇ ਵਿੱਚ ਪਾਣੀ ਦੇ ਸੈਂਪਲ ਪੀਣ ਅਯੋਗ ਆਏ ਹਨ, ਉਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗਿੱਦੜਬਾਹਾ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਗਿੱਦੜਬਾਹਾ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 4 ਗਿੱਦੜਬਾਹਾ, ਸਰਕਾਰੀ ਪ੍ਰਾਇਮਰੀ ਸਕੂਲ ਬਰੀਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੀਵਾਲਾ,  ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਾਂਧਾ ਸਿੰਘ ਵਾਲਾ,  ਸਰਕਾਰੀ ਹਾਈ ਸਕੂਲ ਡੋਡਾ ਵਾਲੀ, ਜਵਾਹਰ ਨਵੋਦਿਆ ਵਿਦਿਆਲੇ ਦਾ ਡਾਈਨਿੰਗ ਹਾਲ ਲੜਕੀਆਂ ਤੋਂ ਇਲਾਵਾ ਕਿੱਲਿਆਂਵਾਲੀ ਦੇ 2 ਨਿੱਜੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਅਯੋਗ ਪਾਏ ਗਏ ਹਨ ।