ਚੰਡੀਗੜ੍ਹ 19 ਜੁਲਾਈ 2022: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਇਸ ਵਰ੍ਹੇ ਦੋ ਲੱਖ ਤੋਂ ਵੱਧ ਦਾਖਲੇ ਘਟ ਗਏ ਹਨ। ਨਵੀਂ ਸਰਕਾਰ ਦੇ ਪਹਿਲੇ ਵਰ੍ਹੇ ਹੀ ਸਰਕਾਰੀ ਸਕੂਲਾਂ ਵਿਚ 2.04 ਲੱਖ ਦਾਖਲੇ ਘਟ ਗਏ ਹਨ। ਨਵੇਂ ਵਿੱਦਿਅਕ ਸੈਸ਼ਨ ਦੇ ਦਾਖ਼ਲੇ ਪਹਿਲੀ ਅਪਰੈਲ ਤੋਂ ਸ਼ੁਰੂ ਹੋਏ ਸਨ ਅਤੇ ਹੁਣ ਦਾਖਲਾ ਪ੍ਰਕਿਰਿਆ ਬੰਦ ਹੋ ਚੁੱਕੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਇਸ ਵਾਰ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਕਲਾਸ ਤੱਕ ਕੁੱਲ 28.36 ਲੱਖ ਦਾਖ਼ਲੇ ਹੋਏ ਹਨ ਜਦੋਂ ਕਿ 2021-22 ਵਿਚ ਇਨ੍ਹਾਂ ਦਾਖ਼ਲਿਆਂ ਦੀ ਗਿਣਤੀ 30.40 ਲੱਖ ਸੀ | ਦਾਖ਼ਲਿਆਂ ਵਿਚ ਕਰੀਬ ਪੌਣੇ ਸੱਤ ਫੀਸਦੀ ਦੀ ਕਟੌਤੀ ਹੋ ਗਈ ਹੈ |
ਲੰਘੇ ਵਰ੍ਹੇ ਸਰਕਾਰੀ ਸਕੂਲਾਂ ਵਿਚ ਦਾਖ਼ਲਿਆਂ ਵਿਚ ਕਰੀਬ 10.53 ਫੀਸਦੀ ਦਾ ਵਾਧਾ ਹੋਇਆ ਸੀ | ਉਸ ਤੋਂ ਪਹਿਲਾਂ ਇਹ ਵਾਧਾ ਕਰੀਬ 14 ਫੀਸਦੀ ਦਾ ਸੀ | ਅੰਕੜੇ ‘ਤੇ ਨਜ਼ਰ ਮਾਰੀਏ ਤਾਂ ਛੇਵੀਂ ਤੋਂ ਬਾਰ੍ਹਵੀਂ ਤੱਕ ਕਲਾਸ ਦੇ ਦਾਖ਼ਲਿਆਂ ਵਿਚ ਪਿਛਲੇ ਵਰ੍ਹੇ ਦੇ ਮੁਕਾਬਲੇ 1.22 ਲੱਖ ਬੱਚਿਆਂ ਦੀ ਕਟੌਤੀ ਹੋਈ ਹੈ |
ਐਤਕੀਂ ਇਨ੍ਹਾਂ ਕਲਾਸਾਂ ਵਿਚ 14.51 ਲੱਖ ਬੱਚੇ ਦਾਖਲ ਹੋਏ ਹਨ ਜਦੋਂ ਕਿ ਪਿਛਲੇ ਵਰ੍ਹੇ ਇਹੋ ਗਿਣਤੀ 15.73 ਲੱਖ ਸੀ | ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਐਤਕੀਂ 13.84 ਲੱਖ ਬੱਚਿਆਂ ਦੇ ਦਾਖ਼ਲੇ ਹੋਏ ਹਨ ਜਦੋਂ ਕਿ ਪਿਛਲੇ ਵਰ੍ਹੇ 14.67 ਲੱਖ ਦਾਖ਼ਲੇ ਹੋਏ ਸਨ |ਪਿਛਾਂਹ ਝਾਤ ਮਾਰੀਏ ਤਾਂ ਵਰ੍ਹਾ 2016-17 ਵਿਚ ਸਰਕਾਰੀ ਸਕੂਲਾਂ ਵਿਚ 23.82 ਲੱਖ ਦਾਖ਼ਲੇ ਹੋਏ ਸਨ ਅਤੇ 2017-18 ਵਿਚ ਇਹ ਵੱਧ ਕੇ 24.34 ਲੱਖ ਹੋ ਗਏ ਸਨ |
ਇਸੇ ਤਰ੍ਹਾਂ 2020-21 ਵਿਚ ਦਾਖ਼ਲਿਆਂ ਦਾ ਅੰਕੜਾ ਵੱਧ ਕੇ 27.20 ਲੱਖ ‘ਤੇ ਪੁੱਜ ਗਿਆ ਸੀ | ਜਦੋਂ ਸਕੂਲ ਸਿੱਖਿਆ ਦੀ ਕਮਾਨ ਸਕੱਤਰ ਕ੍ਰਿਸ਼ਨ ਕੁਮਾਰ ਕੋਲ ਸੀ ਤਾਂ ਉਦੋਂ ਉਨ੍ਹਾਂ ਨੇ ਬਕਾਇਦਾ ‘ਦਾਖਲਾ ਮੁਹਿੰਮ’ ਵਿੱਢੀ ਸੀ ਅਤੇ ਹਰ ਹਫਤੇ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਸੀ |
ਇਸ ਦਾਖਲਾ ਮੁਹਿੰਮ ਦੀ ਬਦੌਲਤ ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੇ ਦਾਖ਼ਲੇ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਸਨ ਅਤੇ ਪਿੰਡਾਂ ਵਿਚਲੇ ਪ੍ਰਾਈਵੇਟ ਸਕੂਲ ਬੰਦ ਵੀ ਹੋਣੇ ਸ਼ੁਰੂ ਹੋ ਗਏ ਸਨ | ਹੁਣ ਨਵੀਂ ਸਰਕਾਰ ਦੇ ਅਫਸਰਾਂ ਨੇ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ | ਜਦੋਂ ਏਡੀ ਵੱਡੀ ਪੱਧਰ ‘ਤੇ ਦਾਖ਼ਲੇ ਡਿੱਗ ਪਏ ਹਨ ਤਾਂ 14 ਜੁਲਾਈ ਨੂੰ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਨੇ ਮੀਟਿੰਗ ਕਰਕੇ ਹੇਠਲੇ ਸਿੱਖਿਆ ਅਫਸਰਾਂ ਦੀ ਖਿਚਾਈ ਕਰ ਦਿੱਤੀ ਹੈ |ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ਦੇ ਘਟਦੇ ਕ੍ਰਮ ਨੇ ਪ੍ਰਾਈਵੇਟ ਸਕੂਲਾਂ ਨੂੰ ਅੰਦਰੋਂ ਅੰਦਰੀਂ ਢਾਰਸ ਦਿੱਤੀ ਹੋਵੇਗੀ | ਪਿਛਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਉਤਸ਼ਾਹ ਭਰੇ ਰਹੇ ਹਨ ਅਤੇ ਸਮਾਰਟ ਸਕੂਲ ਵੀ ਵੱਡੀ ਗਿਣਤੀ ਵਿਚ ਬਣੇ ਹਨ | ‘ਆਪ’ ਸਰਕਾਰ ਨੇ ‘ਸਕੂਲ ਆਫ਼ ਐਮੀਨੈਂਸ’ ਬਣਾਉਣ ਦਾ ਫੈਸਲਾ ਕੀਤਾ ਹੈ |
ਨਿਯਮਾਂ ਮੁਤਾਬਿਕ 30 ਬੱਚਿਆਂ ਪਿੱਛੇ ਇੱਕ ਅਧਿਆਪਕ ਦਾ ਅਨੁਪਾਤ ਹੈ | ਅਗਰ 2.04 ਲੱਖ ਦਾਖ਼ਲੇ ਨਾ ਘਟਦੇ ਤਾਂ ਕਰੀਬ ਸੱਤ ਹਜ਼ਾਰ ਨਵੇਂ ਅਧਿਆਪਕਾਂ ਲਈ ਰੁਜ਼ਗਾਰ ਪੈਦਾ ਹੋਣਾ ਸੀ |ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਦਾਖ਼ਲੇ ਦੇਖੀਏ ਤਾਂ ਪਿਛਲੇ ਵਰ੍ਹੇ ਦੇ ਮੁਕਾਬਲੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿਚ ਦਾਖ਼ਲੇ ਵਧੇ ਨਹੀਂ ਹਨ | ਇਕੱਲਾ ਫਿਰੋਜ਼ਪੁਰ ਜ਼ਿਲ੍ਹਾ ਹੈ ਜਿਥੇ ਸਭ ਤੋਂ ਘੱਟ 3.44 ਫੀਸਦੀ ਦਾਖ਼ਲੇ ਘਟੇ ਹਨ ਜਦੋਂ ਕਿ ਸਭ ਤੋਂ ਵੱਡੀ ਕਟੌਤੀ ਬਰਨਾਲਾ ਜ਼ਿਲ੍ਹੇ ਵਿਚ 11.85 ਫੀਸਦੀ ਦੀ ਹੋਈ ਹੈ | ‘ਆਪ’ ਸਰਕਾਰ ਲਈ ਇਹ ਨਵੀਂ ਚੁਣੌਤੀ ਵੀ ਹੈ |
ਅਗਲੇ ਵਰ੍ਹੇ ਤੋੜਾਂਗੇ ਰਿਕਾਰਡ: ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖ਼ਲੇ ਘਟਣ ਦੀ ਗੱਲ ਕਬੂਲਦਿਆਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਪਰਵਾਸੀ ਲੋਕ ਆਪਣੇ ਪਿੱਤਰੀ ਸੂਬਿਆਂ ਵਿਚ ਚਲੇ ਗਏ ਜਿਨ੍ਹਾਂ ਦੇ ਬੱਚਿਆਂ ਦੀ ਗਿਣਤੀ ਸਕੂਲਾਂ ਵਿਚ ਘਟ ਗਈ। ਕੋਵਿਡ ਦੌਰਾਨ ਹੀ ਇੱਥੋਂ ਦੇ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ’ਚੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਏ ਸਨ, ਉਹ ਬੱਚੇ ਵੀ ਹੁਣ ਵਾਪਸ ਪ੍ਰਾਈਵੇਟ ਸਕੂਲਾਂ ਵਿਚ ਚਲੇ ਗਏ ਹਨ। ਉਨ੍ਹਾਂ ਤਰਕ ਦਿੱਤਾ ਕਿ ਚੋਣ ਵਰ੍ਹਾ ਹੋਣ ਕਰਕੇ ਅਫ਼ਸਰਸ਼ਾਹੀ ਨੇ ਦਾਖ਼ਲਿਆਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਸ੍ਰੀ ਬੈਂਸ ਨੇ ਕਿਹਾ ਕਿ ਇਸ ਘਾਟੇ ਨੂੰ ਪੂਰਨ ਲਈ ਉਹ ਅਗਲੇ ਵਰ੍ਹੇ ਦਾਖ਼ਲਿਆਂ ਦੇ ਰਿਕਾਰਡ ਤੋੜ ਦੇਣਗੇ।
ਦਾਖ਼ਲਿਆਂ ‘ਤੇ ਇੱਕ ਝਾਤ
ਵਿੱਦਿਅਕ ਵਰ੍ਹਾ ਬੱਚਿਆਂ ਦੀ ਗਿਣਤੀ
2016-17 23.82 ਲੱਖ
2017-18 24.34 ਲੱਖ
2020-21 27.20 ਲੱਖ
2021-22 30.40 ਲੱਖ
2022-23 28.36 ਲੱਖ
Don’t put your failure as EM on others shoulders.
Every year Special enrolment drive use to begin on 14th Nov, which did not begun last year when you were Education Minsiter. And yet your another failure due to your negligence books are also not printed on time for this year. https://t.co/jgNK9dcDSx— Harjot Singh Bains (@harjotbains) July 19, 2022