Site icon TheUnmute.com

ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਥੋੜ੍ਹੇ ਸਮੇਂ ਲਈ ਸਿਰਫ਼ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ: ਮੀਤ ਹੇਅਰ

Gurmeet Singh Meet Hayer

ਚੰਡੀਗੜ੍ਹ, 27 ਅਕਤੂਬਰ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਥੋੜ੍ਹੇ ਸਮੇਂ ਲਈ ਸਿਰਫ਼ ਹਰੇ ਪਟਾਕੇ (GREEN CRACKERS) ਚਲਾਉਣ ਦੀ ਹੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.), ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਹਦਾਇਤਾਂ ਦੀ ਪਾਲਣਾ ਕਰਦਿਆਂ ਸੂਬਾ ਸਰਕਾਰ ਹਰੇ ਪਟਾਕਿਆਂ ਦੀ ਵਰਤੋਂ ਨੂੰ ਉਤਸ਼ਾਹਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਸਮੇਤ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਜਿਸ ਦੌਰਾਨ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਸਿਰਫ਼ ਹਰੇ ਪਟਾਕਿਆਂ ਦੀ ਹੀ ਇਜਾਜ਼ਤ ਦੇਵੇਗਾ ਜਿਸ ਵਿੱਚ ਬੇਰੀਅਮ ਸਾਲਟ ਜਾਂ ਐਂਟੀਮੋਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਮਿਸ਼ਰਨ ਦੀ ਵਰਤੋਂ ਨਾ ਕੀਤੀ ਗਈ ਹੋਵੇ।

ਮੀਤ ਹੇਅਰ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ (ਰਾਤ 8:00 ਤੋਂ ਰਾਤ 10:00 ਵਜੇ ਤੱਕ), ਗੁਰਪੁਰਬ ਮੌਕੇ (ਸਵੇਰੇ 4:00 ਵਜੇ ਤੋਂ 05:00 ਵਜੇ ਅਤੇ ਰਾਤ 9:00 ਤੋਂ ਰਾਤ 10:00 ਵਜੇ ਤੱਕ), ਕ੍ਰਿਸਮਸ ‘ਤੇ (ਰਾਤ 11:55 ਤੋਂ ਸਵੇਰੇ 12:30 ਤੱਕ) ਅਤੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ (ਰਾਤ 11:55 ਤੋਂ ਸਵੇਰੇ 12:30 ਤੱਕ) ਸਿਰਫ਼ ਹਰੇ ਪਟਾਕੇ ਹੀ ਚਲਾਏ ਜਾ ਸਕਦੇ ਹਨ।

ਵਾਤਾਵਰਣ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਜੁੜੇ ਹੋਏ ਪਟਾਕਿਆਂ (GREEN CRACKERS) (ਲੜੀ ਪਟਾਕੇ ਜਾਂ ਲੜੀਆਂ) ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪਟਾਕਿਆਂ ਦੀ ਵਿਕਰੀ ਲਾਇਸੈਂਸਸ਼ੁਦਾ ਵਪਾਰੀਆਂ ਰਾਹੀਂ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਲਿੱਪਕਾਰਟ, ਐਮਾਜ਼ਾਨ ਅਤੇ ਹੋਰਾਂ ਸਮੇਤ ਕੋਈ ਵੀ ਈ-ਕਾਮਰਸ ਵੈੱਬਸਾਈਟ ਸੂਬੇ ਵਿੱਚ ਨਾ ਤਾਂ ਕੋਈ ਆਨਲਾਈਨ ਆਰਡਰ ਲਵੇਗੀ ਅਤੇ ਨਾ ਹੀ ਆਨਲਾਈਨ ਵਿਕਰੀ ਕਰੇਗੀ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੂਬੇ ਦੇ ਚੋਣਵੇਂ ਸ਼ਹਿਰਾਂ ਵਿੱਚ ਥੋੜ੍ਹੇ ਸਮੇਂ ਲਈ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਉਕਤ ਦੱਸੇ ਸਮੇਂ ਦੌਰਾਨ ਅਤੇ ਨਿਰਧਾਰਤ ਸਥਾਨਾਂ ‘ਤੇ ਮਨਜ਼ੂਰਸ਼ੁਦਾ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਯਕੀਨੀ ਬਣਾਉਣਗੇ ਅਤੇ ਨਾਲ ਹੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ ‘ਤੇ ਤੁਰੰਤ ਜੁਰਮਾਨਾ ਲਗਾਇਆ ਜਾਵੇਗਾ। ਵਾਤਾਵਰਣ ਮੰਤਰੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਦੁਆਰਾ ਪਹਿਲਾਂ ਤੋਂ ਨਿਰਧਾਰਤ ਥਾਂਵਾਂ ‘ਤੇ ਹੀ ਮਿਲ ਕੇ ਪਟਾਕੇ ਚਲਾਉਣ।

Exit mobile version